ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ ਨੇ 17 ਸਾਲਾਂ ਬਾਅਦ ਵਤਨ ਵਾਪਸੀ ’ਤੇ ਇੱਕ ਸਮਾਵੇਸ਼ੀ ਸਮਾਜ ਦਾ ਵਿਜ਼ਨ ਪੇਸ਼ ਕੀਤਾ ਹੈ। ਵੀਰਵਾਰ ਨੂੰ ਢਾਕਾ ਪਹੁੰਚਣ ਤੋਂ ਤੁਰੰਤ ਬਾਅਦ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਸਿਰਫ਼ ਇੱਕ ਫਿਰਕੇ ਦਾ ਨਹੀਂ, ਸਗੋਂ ਪਹਾੜਾਂ ਅਤੇ ਮੈਦਾਨਾਂ ਵਿੱਚ ਰਹਿਣ ਵਾਲੇ ਹਰ ਨਾਗਰਿਕ ਦਾ ਹੈ, ਚਾਹੇ ਉਹ ਮੁਸਲਿਮ ਹੋਵੇ, ਹਿੰਦੂ, ਬੌਧ ਜਾਂ ਇਸਾਈ।
ਤਾਰਿਕ ਰਹਿਮਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਿਛਲੇ ਸਾਲ ਅਗਸਤ ਵਿੱਚ ਅੰਤਰਿਮ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ, ਖਾਸ ਕਰਕੇ ਹਿੰਦੂਆਂ ’ਤੇ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਹਾਲ ਹੀ ਵਿੱਚ ਮੈਮਨਸਿੰਘ ਸ਼ਹਿਰ ਵਿੱਚ ਇੱਕ 25 ਸਾਲਾ ਹਿੰਦੂ ਨੌਜਵਾਨ ਦੀ ਭੀੜ ਵੱਲੋਂ ਕੀਤੀ ਹੱਤਿਆ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਭਾਰਤ ਨੇ ਵੀ ਲਗਾਤਾਰ ਉੱਥੇ ਰਹਿ ਰਹੇ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਹਨ। ਰਹਿਮਾਨ ਨੇ ਕਿਹਾ ਕਿ ਉਹ ਅਜਿਹਾ ਬੰਗਲਾਦੇਸ਼ ਚਾਹੁੰਦੇ ਹਨ ਜਿੱਥੇ ਹਰ ਮਰਦ, ਔਰਤ ਅਤੇ ਬੱਚਾ ਬਿਨਾਂ ਕਿਸੇ ਡਰ ਦੇ ਆਪਣੇ ਘਰੋਂ ਨਿਕਲ ਸਕੇ ਅਤੇ ਸੁਰੱਖਿਅਤ ਵਾਪਸ ਆ ਸਕੇ।
ਸ਼ੇਖ ਹਸੀਨਾ ਦੀ ਸਰਕਾਰ ਦੇ ਪਤਨ ਤੋਂ ਬਾਅਦ ਬੰਗਲਾਦੇਸ਼ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਤਾਰਿਕ ਰਹਿਮਾਨ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਪੁੱਤਰ ਹਨ, ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੁੱਖ ਦਾਅਵੇਦਾਰ ਵਜੋਂ ਉੱਭਰੇ ਹਨ।
ਉਨ੍ਹਾਂ ਨੇ ਕਿਹਾ, “ਅਸੀਂ ਚਾਹੇ ਕਿਸੇ ਵੀ ਸਿਆਸੀ ਪਾਰਟੀ ਜਾਂ ਧਰਮ ਨਾਲ ਸਬੰਧਤ ਹੋਈਏ, ਸਾਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹੱਥ ਮਿਲਾਉਣਾ ਹੋਵੇਗਾ।” ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਚੋਣਾਂ ਵਿੱਚ BNP ਦੀ ਮੁੱਖ ਟੱਕਰ ਆਪਣੀ ਪੁਰਾਣੀ ਸਹਿਯੋਗੀ ਪਾਰਟੀ ਜਮਾਤ-ਏ-ਇਸਲਾਮੀ ਨਾਲ ਹੋਣ ਦੀ ਉਮੀਦ ਹੈ।
ਅਮਰੀਕੀ ਮਨੁੱਖੀ ਅਧਿਕਾਰ ਕਾਰਕੁਨ ਮਾਰਟਿਨ ਲੂਥਰ ਕਿੰਗ ਦੇ ਮਸ਼ਹੂਰ ਭਾਸ਼ਣ ‘ਮੇਰਾ ਇੱਕ ਸੁਪਨਾ ਹੈ’ (I Have a Dream) ਦਾ ਹਵਾਲਾ ਦਿੰਦੇ ਹੋਏ ਰਹਿਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਆਪਣੇ ਦੇਸ਼ ਅਤੇ ਲੋਕਾਂ ਦੇ ਵਿਕਾਸ ਲਈ ਇੱਕ ਪੂਰੀ ਯੋਜਨਾ ਹੈ।
ਉਨ੍ਹਾਂ ਨੇ 1971 ਦੀ ਜੰਗ-ਏ-ਆਜ਼ਾਦੀ ਅਤੇ 2024 ਦੇ ਵਿਦਿਆਰਥੀ ਅੰਦੋਲਨ ਨੂੰ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਅਹਿਮ ਦੱਸਿਆ। ਸੰਬੋਧਨ ਤੋਂ ਬਾਅਦ ਉਹ ਆਪਣੀ ਬਿਮਾਰ ਮਾਂ ਖਾਲਿਦਾ ਜ਼ੀਆ ਨੂੰ ਮਿਲਣ ਹਸਪਤਾਲ ਗਏ ਅਤੇ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਲਈ ਦੁਆ ਕਰਨ ਦੀ ਅਪੀਲ ਕੀਤੀ।